ਬਿਰਧ ਆਸ਼ਰਮਾਂ ਦੀ ਗਿਣਤੀ ਚ ਵਾਧਾ ਮਨੁੱਖਤਾ ਤੇ ਕਲੰਕ....

          ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ,ਸੇਵਾ ਭਾਵਨਾਂ ਸਮਰਪਣ ਇਸ ਧਰਤੀ ਦੀ ਮਰਿਆਦਾ ਰਹੀ ਹੈ।ਇਥੇ ਹਮੇਸ਼ਾ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ,ਪਰ ਕੁੱਝ ਅਰਸੇ ਤੋਂ ਸੋਸ਼ਲ ਮੀਡੀਆ ਅਤੇ ਹੋਰ ਪਲੇਟ ਫਾਰਮਾਂ ਤੋਂ ਜੋ ਨਜ਼ਰੀਂ ਪੈਂਦਾ ਹੈ ਬਹੁਤ ਪਰੇਸ਼ਾਨ ਕਰਨ ਵਾਲਾ ਹੈ।ਪੰਜਾਬ ਵਰਗੀ ਜ਼ਰਖੇਜ ਧਰਤੀ ਤੇ ਜੋ ਸਾਰੇ ਦੇਸ਼ ਦਾ ਪੇਟ ਭਰਨ ਦੀ ਸਮਰਥਾ ਰੱਖਦੀ ਹੋਵੇ ,ਇਹੋ ਜਿਹੀ ਥਾਂਵੇ ਅਨਗਿਣਤ ਬਿਰਧ ਆਸ਼ਰਮਾਂ ਦਾ ਖੁੱਲ ਜਾਣਾ ਤੇ ਉਹਨਾਂ ਆਸ਼ਰਮਾਂ ਵਿੱਚ ਬਹੁਤ ਸਾਰੇ ਬਿਰਧਾਂ ਦਾ ਭਰ ਜਾਣਾ ਮੱਥੇ ਤੇ ਲੱਗੇ ਕਲੰਕ ਦੇ ਸਮਾਨ ਹੈੈ।

ਉਹ ਮਾਂ-ਪਿਉ ਜੋ ਬੱਚੇ ਨੂੰ ਜਨਮ ਦੇਣ ਤੋਂ ਲੈ ਕੇ ਪਾਲਣ-ਪੋਸ਼ਣ ,ਪੜਾਉਣ ਅਤੇ ਕਾਮਯਾਬ ਕਰਨ ਵਿੱਚ ਆਪਣੀ ਜੀ- ਜਾਨ ਲਗਾ ਦਿੰਦੇ ਹਨ ਪਰ ਉਹੀ ਬੱਚੇ ਵੱਡੇ ਹੋ ਕੇ ਜਦੋਂ ਮਾਂ-ਪਿਉ ਦੇ ਬਿਰਧ ਹੋਣ ਤੇ ਉਹਨਾਂ ਦੀ ਸੇਵਾ ਸੰਭਾਲ ਕਰਨ ਤੋਂ ਇੰਨਕਾਰ ਕਰ ਦਿੰਦੇ ਹਨ,ਇਸ ਤੋੋਂ ਵੱਡਾ ਪਾਪ  ਸ਼ਾਇਦ ਹੀ ਕੋਈ ਹੋਵੇ। ਬਿਰਧ ਆਸ਼ਰਮਾਂ ਵਿੱਚ ਬੈਠੇ ਬਜੁਰਗਾਂ ਦੇ ਚਿਹਰੇ ਦੀ  ਉਦਾਸੀ ਬਿਆਨ ਕਰਦੀ ਹੈ ਕਿ ਉਹ ਕਿਵੇਂ ਆਪਣੇ ਹੀ ਬੱਚਿਆਂ ਦੇ ਹੱਥੋਂ ਜਿੰਦਗੀ ਦੀ ਬਾਜੀ ਹਾਰ ਚੁੱਕੇ ਹਨ।

ਟੁੱਟੇ ਹੋਏ ਸੁਪਨਿਆਂ ਦੀ ਤਸਵੀਰ ,ਅਜ਼ਾਦੀ ਨਾਲ  ਬੁੱਢਾਪੇ ਨੂੰ ਜਿਉਂਣ ਦੀ ਤਾਂਘ ਅਤੇ ਆਪਣੇ ਹੀ ਨੂੰਹਾਂ ਪੁੱਤਾਂ ਵੱਲੋਂ ਹੋਈ ਆਰਥਿਕ ਲੁੱਟ ਉਹਨਾਂ ਦੀਆਂ ਉਦਾਸ ਅੱਖਾਂ ਵਿੱਚੋਂ ਸਪੱਸਟ ਵੇਖੀ ਜਾ ਸਕਦੀ ਹੈ। ਇਹਨਾਂ ਬਿਰਧ-ਆਸ਼ਰਮਾਂ ਦੀ ਭਰਮਾਰ ਇਸ ਗੱਲ ਦਾ ਸਬੂਤ ਦੇਣ ਲਈ ਕਾਫ਼ੀ ਹੈ ਕਿ ਸਮਾਜ ਕਿਸ ਦਿਸ਼ਾ ਨੂੰ ਜਾ ਰਿਹਾ ਹੈ । ਕੋਈ ਇਹਨਾਂ ਦੇ ਦਿਲ ਨੂੰ ਪੁੱਛ ਕੇ ਵੇਖੇ ,ਜਿੰਨਾਂ ਬੱਚਿਆਂ ਨੂੰ ਇਹਨਾਂ ਨੇ ਜਿਉਂਣ ਦੇ ਕਾਬਿਲ ਕੀਤਾ ਪੈਰਾਂ ਤੇ ਖੜਾਂ ਕਰਕੇ ਕਾਮਯਾਬ ਕੀਤਾ ਤੇ ਅੱਜ ਉਹ ਉਹਨਾਂ ਲਈ ਪਰਾਏ ਹੋ ਗਏ ਹਨ। ਉਹ ਬੇ -ਦਰਦ ਲੋਕ ਆਪਣੇ ਮਾਤਾ -ਪਿਤਾ ਨੂੰ ਬੇਸਹਾਰਾ ਮਰਨ ਲਈ ਛੱਡ ਗਏ ।

ਇਹ ਆਸ਼ਰਮ ਭਾਵੇਂ ਕਿ ਉਥੇ ਰਹਿਣ ਵਾਲੇ ਹਰ ਇੱਕ ਬਿਰਦ ਦਾ ਤਹਿ ਦਿਲੋਂ ਧਿਆਨ ਰੱਖਦੇ ਹਨ ਪਰ ਚਾਹੁੰਦੇ ਹੋਏ ਵੀ ਉਹਨਾਂ ਦੇ ਉਦਾਸ ਮਨ ਨੂੰ ਖੁਸ਼ ਨਹੀਂ ਕਰ ਸਕਦੇ।ਪ੍ਰਮਾਤਮਾ ਤੋਂ ਇਹੀ ਅਰਦਾਸ ਕਰ ਸਕਦੇ ਹਾਂ ਕਿ ਵਾਹਿਗੁਰੂ ਇਹਨਾਂ ਬੇ-ਸਹਾਰਾ ਲੋਕਾਂ ਨੂੰ ਤੇਰਾ ਹੀ ਸਹਾਰਾ ਹੈ,ਤੁਸੀ ਕਿਸੇ ਵੀ ਰੂਪ ਵਿੱਚ ਆ ਕੇ ਇਹਨਾਂ ਦੀਆਂ ਖੁਸ਼ੀਆਂ ਦਾ ਕਾਰਨ ਬਣਨਾਂ।  (ਕਲਮ ਸਲਾਮਤ ਰਹੇ )     ਸੁਰਜੀਤ ਫੇਰੂਮਾਨ

Comments

Popular posts from this blog